Jeremiah 32

1ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਾਬੂਕਦਰੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ 2ਉਸ ਵੇਲੇ ਬਾਬਲ ਦੇ ਰਾਜਾ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦ ਖਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਸੀ ਬੰਦ ਸੀ

3ਅਤੇ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ ? 4ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ 5ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ । ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ ।

6ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦ ਬਚਨ ਆਇਆ ਕਿ 7ਵੇਖ, ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ

8ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ । ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ 9ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਸਤਾਰਾਂ ਰੁਪਏ ਚਾਂਦੀ

10ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ ਅਤੇ ਚਾਂਦੀ ਕੰਡੇ ਉੱਤੇ ਤੋਲੀ 11ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ 12ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ

13ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ 14ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸੱਕਣ 15ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ ਇਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ ।

16ਇਸ ਦੇ ਪਿੱਛੋਂ ਕਿ ਮੈਂ ਉਹ ਬੈ-ਨਾਮੇ ਦੀ ਲਿਖਤ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤੀ ਮੈਂ ਯਹੋਵਾਹ ਕੋਲ ਪ੍ਰਾਰਥਨਾ ਕੀਤੀ ਕਿ 17ਹੇ ਪ੍ਰਭੁ ਯਹੋਵਾਹ, ਵੇਖ ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਣ ਨਹੀਂ ਹੈ 18ਤੂੰ ਹਜ਼ਾਰਾਂ ਉੱਤੇ ਦਯਾ ਕਰਦਾ ਹੈ ਅਤੇ ਪਿਉ-ਦਾਦਿਆਂ ਦੀ ਬਦੀ ਦਾ ਬਦਲਾ ਉਹਨਾ ਦੇ ਪਿੱਛੋਂ ਉਹਨਾਂ ਦੇ ਪੁੱਤਰ ਦੀ ਝੋਲੀ ਵਿੱਚ ਰੱਖਦਾ ਹੈ । ਇਹ ਵੱਡਾ ਅਤੇ ਬਲਵੰਤ ਪਰਮੇਸ਼ੁਰ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ

19ਸੁਲਾਹ ਵਿੱਚ ਵੱਡਾ ਅਤੇ ਕੰਮਾਂ ਵਿੱਚ ਸੂਰਮਾ ਜਿਹਦੀਆਂ ਅੱਖਾਂ ਆਦਮ ਵੰਸ ਦੇ ਸਭ ਰਾਹਾਂ ਉੱਤੇ ਖੁੱਲ੍ਹੀਆਂ ਹਨ ਕਿ ਹਰੇਕ ਨੂੰ ਉਹ ਦੇ ਰਾਹਾਂ ਅਤੇ ਉਹ ਦੇ ਕੰਮਾਂ ਦੇ ਫਲ ਅਨੁਸਾਰ ਦੇਵੇ 20ਜਿਸ ਮਿਸਰ ਦੇ ਦੇਸ ਵਿੱਚ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਅਤੇ ਦੂਸਰੇ ਆਦਮੀਆਂ ਵਿੱਚ ਨਿਸ਼ਾਨ ਅਤੇ ਅਚੰਭੇ ਕੀਤੇ ਅਤੇ ਆਪਣੇ ਲਈ ਇੱਕ ਨਾਮ ਪੈਦਾ ਕੀਤਾ ਜਿਹੜਾ ਅੱਜ ਦੇ ਦਿਨ ਤੱਕ ਹੈ 21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈ ਨਾਲ ਬਾਹਰ ਲਿਆਂਦਾ

22ਅਤੇ ਇਹ ਦੇਸ ਉਹਨਾਂ ਨੂੰ ਦਿੱਤਾ ਜਿਹ ਦਾ ਤੂੰ ਉਹਨਾਂ ਦੇ ਪਿਉ-ਦਾਦਿਆਂ ਨਾਲ ਉਹਨਾਂ ਨੂੰ ਦੇਣ ਦੀ ਸੌਂਹ ਖਾਧੀ ਸੀ, ਇੱਕ ਦੇਸ ਜਿਸ ਵਿੱਚ ਦੁੱਧ ਅਤੇ ਸ਼ਹਿਤ ਵੱਗਦਾ ਸੀ । 23ਉਹ ਉਹ ਦੇ ਵਿੱਚ ਆ ਵੜੇ ਅਤੇ ਉਹਨਾਂ ਨੇ ਕਬਜਾ ਕਰ ਲਿਆ, ਪਰ ਉਹਨਾਂ ਤੇਰੀ ਅਵਾਜ਼ ਨਾ ਸੁਣੀ, ਨਾ ਤੇਰੀ ਬਿਵਸਥਾ ਉੱਤੇ ਚੱਲੇ, ਅਤੇ ਕੁਝ ਨਾ ਕੀਤਾ ਜਿਹੜਾ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ । ਇਸ ਲਈ ਤੈ ਸਾਰੀ ਬੁਰਿਆਈ ਨੂੰ ਉਹਨਾਂ ਲਈ ਸੱਦ ਲਿਆ

24ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੱਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਹਨਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ ਅਤੇ ਜੋ ਉਹ ਬੋਲਿਆ ਸੋ ਉਹ ਹੋ ਗਿਆ ਹੈ, ਅਤੇ ਵੇਖ, ਤੂੰ ਆਪ ਦੇਖਦਾ ਹੈਂ 25ਹੇ ਪ੍ਰਭੂ ਯਹੋਵਾਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ ।

26ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ 27ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ । ਕੀ ਕੋਈ ਕੰਮ ਮੇਰੇ ਲਈ ਕਠਣ ਹੈ ? 28ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਅਤੇ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦੇ ਰਿਹਾ ਹਾਂ ਅਤੇ ਉਹ ਇਹ ਨੂੰ ਲੈ ਲਵੇਗਾ

29ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਹਲੀਆਂ ਭਈ ਮੈਨੂੰ ਗੁੱਸਾ ਚੜ੍ਹਾਉਣ 30ਕਿਉਂ ਜੋ ਇਸਰਾਏਲੀਆਂ ਅਤੇ ਯਹੂਦੀਆਂ ਨੇ ਆਪਣੀ ਜੁਆਨੀ ਵਿੱਚ ਨਿਰਾ ਉਹ ਕੀਤਾ ਜਿਹੜਾ ਮੇਰੀ ਨਿਗਾਹ ਵਿੱਚ ਬੁਰਾ ਸੀ ਕਿਉਂ ਜੋ ਇਸਰਾਏਲੀਆਂ ਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਨਿਰਾ ਗੁੱਸਾ ਹੀ ਚੜ੍ਹਾਇਆ, ਯਹੋਵਾਹ ਦਾ ਵਾਕ ਹੈ

31ਇਹ ਸ਼ਹਿਰ ਜਿਸ ਦਿਨ ਤੋਂ ਉਹਨਾਂ ਇਸ ਨੂੰ ਬਣਾਇਆ ਅੱਜ ਦੇ ਦਿਨ ਤੱਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ । ਇਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ 32ਨਾਲੇ ਉਹ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਉਹਨਾਂ ਨੇ ਅਤੇ ਉਹਨਾਂ ਦੇ ਰਾਜਿਆਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ

33ਉਹਨਾਂ ਨੇ ਮੇਰੀ ਵੱਲ ਆਪਣੀ ਪਿਠ ਕੀਤੀ ਪਰ ਮੂੰਹ ਨਾ ਕੀਤਾ ਅਤੇ ਭਾਵੇਂ ਮੈਂ ਉਹਨਾਂ ਨੂੰ ਸਿਖਾਇਆ, ਸਗੋਂ ਜਤਨ ਨਾਲ ਸਿਖਾਇਆ ਪਰ ਉਹਨਾਂ ਨੇ ਨਾ ਸੁਣਿਆ ਭਈ ਇਸ ਤੋਂ ਸਿੱਖਿਆ ਲੈਂਦੇ 34ਸਗੋਂ ਉਹਨਾਂ ਨੇ ਉਸ ਘਰ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਪਲੀਤ ਚੀਜਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ 35ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ ।

36ਇਸ ਲਈ ਹੁਣ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ, - 37ਵੇਖੋ, ਮੈਂ ਉਹਨਾਂ ਨੂੰ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਕ੍ਰੋਧ, ਗੁੱਸੇ ਅਤੇ ਵੱਡੇ ਕੋਪ ਨਾਲ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਇਸ ਸਥਾਨ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਚੈਨ ਨਾਲ ਵਸਾਵਾਂਗਾ

38ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ 39ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ 40ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹੱਟਾਂਗਾ ਅਤੇ ਮੈਂ ਆਪਣਾ ਭੈ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ

41ਮੈਂ ਖੁਸ਼ ਹੋ ਕੇ ਉਹਨਾਂ ਉੱਤੇ ਭਲਿਆਈ ਕਰਾਂਗਾ, ਮੈਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਸੱਚ-ਮੁੱਚ ਉਹਨਾਂ ਨੂੰ ਇਸ ਦੇਸ ਵਿੱਚ ਲਾਵਾਂਗਾ । 42ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਜਿਵੇਂ ਮੈਂ ਇਸ ਪਰਜਾ ਉੱਤੇ ਇਹ ਸਾਰੀ ਵੱਡੀ ਬੁਰਿਆਈ ਲਿਆਂਦੀ ਤਿਵੇਂ ਮੈਂ ਉਹਨਾਂ ਉੱਤੇ ਸਾਰੀ ਭਲਿਆਈ ਲਿਆਵਾਂਗਾ ਜਿਹ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ

43ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ । ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਦਸਤਖਤ ਕਰਨਗੇ, ਮੋਹਰਾਂ ਲਾਉਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ ।

44

Copyright information for PanULB